August 10, 2026

ਡਾਬਾ ਰੋਡ ਦੇ ਉਦਯੋਗਪਤੀ ਸੀਵਰੇਜ ਬਲੋਕਜ ਤੋਂ ਦੁਖੀ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਨਾ ਕਰਵਾਏ ਜਾਣ ਦੀ ਹਾਲਤ ਵਿੱਚ ਮਹਾਨਗਰ ਲੁਧਿਆਣਾ ਨਿਵਾਸੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਜਨਤਾ ਵੱਲੋਂ ਚੁਣਿਆ ਗਿਆ ਕੋਈ ਵੀ ਨੁਮਾਇਦਾ ਨਗਰ ਨਿਗਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁੱਛਣ ਵਾਲਾ ਨਹੀਂ। ਐਸੀਆਂ ਹੀ ਪਰੇਸ਼ਾਨੀਆਂ ਦੇ ਦੌਰ ਵਿੱਚੋਂ ਗੁਜਰ ਰਹੀ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਲੁਧਿਆਣਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਡਾਬਾ ਰੋਡ ਵਿਖੇ ਅਕਸਰ ਹੀ ਸੀਵਰੇਜ ਜਾਮ ਰਹਿੰਦਾ ਹੈ। ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ, ਸੜਕਾਂ ਵਿੱਚ ਘੁੰਮਦਾ ਰਹਿੰਦਾ ਹੈ। 

ਜਿਸ ਦੇ ਚਲਦੇ ਇਲਾਕੇ ਵਿੱਚ ਬਦਬੂਦਾਰ ਮਾਹੌਲ ਤਾਂ ਬਣਿਆ ਹੀ ਰਹਿੰਦਾ ਹੈ। ਇਸ ਦੇ ਨਾਲ ਹੀ ਗੰਦੇ ਪਾਣੀ ਉੱਤੇ ਮੰਡਰਾਉਣ ਵਾਲਾ ਮੱਛਰ, ਮੱਖੀ ਅਤੇ ਹੋਰ ਜੀਵ, ਜੰਤੂ ਇਲਾਕੇ ਵਿੱਚ ਕਿਸੇ ਵੇਲੇ ਵੀ ਘਾਤਕ ਬਿਮਾਰੀ ਫੈਲਾਉਣ ਦਾ ਕਾਰਨ ਬਣ ਸਕਦੇ ਹਨ। ਐਸੋਸੀਏਸ਼ਨ ਅਹੁਦੇਦਾਰਾਂ ਨੇ ਦੱਸਿਆ ਕਿ ਇਲਾਕੇ ਦਾ ਚੁਣਿਆ ਹੋਇਆ ਕੋਈ ਵੀ ਨੁਮਾਇਦਾ ਜਾਂ ਨਗਰ ਨਿਗਮ ਦਾ ਅਧਿਕਾਰੀ ਇਸ ਸਮੱਸਿਆ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਨਾਲ ਕੰਮ ਨਹੀਂ ਕਰ ਰਿਹਾ।  ਐਸੋਸੀਏਸ਼ਨ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਨਗਰ ਨਿਗਮ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਤਾਂ ਉਹ ਜਲਦ ਹੀ ਸਮੱਸਿਆ ਹੱਲ ਕਰਨ ਦਾ ਕਹਿ ਕੇ ਖਹਿੜਾ ਛੁਡਵਾ ਲੈਂਦੇ ਹਨ। ਪਰ ਕਹਿਣਾ ਮੋੜਨਾ ਨਹੀਂ ਅਤੇ ਡੱਕਾ ਤੋੜਨਾ ਨਹੀਂ ਦੀ ਕਹਾਵਤ ਵਾਂਗ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। 

ਟੈਕਸ ਦੇਣ ਵਿੱਚ ਮਹਾਨਗਰ ਲੁਧਿਆਣਾ ਦੀ ਇੰਡਸਟਰੀ ਸਭ ਤੋਂ ਅੱਗੇ ਅਤੇ ਸਹੂਲਤਾਂ ਪੱਖੋਂ ਫਾਡੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਸੈਕਟਰੀ ਗੌਤਮ ਜੈਨ, ਮੀਡੀਆ ਇੰਚਾਰਜ ਪਰਮਦੀਪ ਸਿੰਘ ਸੋਹਲ, ਉਪ ਪ੍ਰਧਾਨ ਸੰਜੀਵ ਕਾਂਸਲ ਨੇ ਦੱਸਿਆ ਕਿ ਡਾਬਾ ਰੋਡ ਨਾਲ ਲੱਗਦੀਆਂ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਇਉ ਚੱਲ ਰਿਹਾ ਹੈ ਜਿਵੇਂ ਕੋਈ ਨਹਿਰ ਚੱਲ ਰਹੀ ਹੋਵੇ। ਉਹਨਾਂ ਦੱਸਿਆ ਕਿ ਸੀਵਰੇਜ ਜਾਮ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਗਲੀਆਂ ਵਿੱਚ ਓਵਰਫਲੋ ਹੋ ਰਿਹਾ ਹੈ। ਉਥੇ ਹੀ ਫੈਕਟਰੀਆਂ ਅੰਦਰ ਬਣੀਆਂ ਹੋਦੀਆਂ ਵਿੱਚੋਂ ਬੈਕ ਮਾਰ ਕੇ ਫੈਕਟਰੀਆਂ ਅੰਦਰ ਗੰਦਗੀ ਫੈਲਾਉਣ ਦਾ ਮੁੱਖ ਕਾਰਨ ਬਣ ਰਿਹਾ ਹੈ। 

ਗੰਦੇ ਪਾਣੀ ਦੀ ਵਜਹਾ ਨਾਲ ਗਲੀਆਂ ਵਿੱਚੋਂ ਲੰਘਣਾ ਮੁਹਾਲ ਹੋਇਆ ਪਿਆ ਹੈ ਉਹਨਾਂ ਦੱਸਿਆ ਕਿ ਬਰਸਾਤ ਦੀਆ ਚਾਰ ਕਣੀਆਂ ਪੈ ਜਾਣ ਨਾਲ ਸਥਿਤੀ ਹੋਰ ਵੀ ਭਿਅੰਕਰ ਬਣ ਜਾਂਦੀ ਹੈ। ਕਿਉਂਕਿ ਡਾਬਾ ਰੋਡ ਅਤੇ ਨਾਲ ਲੱਗਦੀਆਂ ਗਲੀਆਂ ਵਿੱਚ ਬਰਸਾਤਾਂ ਤੋਂ ਪਹਿਲਾਂ ਰੋਡ ਜਾਲੀਆਂ ਦੀ ਸਾਫ ਸਫਾਈ ਨਹੀਂ ਕੀਤੀ ਗਈ ਅਤੇ ਰੋਡ ਜਾਲੀਆਂ ਬੰਦ ਹੋਣ ਕਾਰਨ ਬਰਸਾਤ ਦਾ ਪਾਣੀ ਵੀ ਸੜਕ ਉੱਪਰ ਆਮ ਘੁੰਮਦਾ ਰਹਿੰਦਾ ਹੈ। ਸੈਕਟਰੀ ਗੌਤਮ ਜੈਨ ਨੇ ਦੱਸਿਆ ਕਿ ਉਦਯੋਗਪਤੀਆਂ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਲਈ ਨਗਰ ਨਿਗਮ ਵੱਲੋਂ ਭਾਵੇਂ ਸੀਵਰੇਜ ਸਫਾਈ ਲਈ ਮਸ਼ੀਨਾਂ ਤਾਂ ਖੜੀਆਂ ਕੀਤੀਆਂ ਹੋਈਆਂ ਹਨ। ਪਰ ਨਤੀਜਾ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਅਤੇ ਸੀਵਰੇਜ ਦਾ ਗੰਦਾ ਪਾਣੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ।-

Powered by Froala Editor

Share: