ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਤਹਿਤ ਆਉਂਦੇ ਸਰਹੱਦੀ ਪਿੰਡ ਆਦੀਆਂ ਦੀ ਚੈੱਕ
ਪੋਸਟ ਉਤੇ ਬੀਤੀ ਦੇਰ ਰਾਤ ਦੋ ਪੁਲਿਸ ਕਰਮੀਆਂ ਦੀ ਭੇਦ ਭਰੇ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਵਿਚ
ਦੋਹਾਂ ਪੁਲਿਸ ਕਰਮੀਆਂ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਅਤੇ ਇਸ ਗੱਲ ਨੂੰ ਸਿਰੇ ਤੋਂ
ਨਕਾਰਿਆ ਹੈ ਕਿ ਦੋਹਾਂ ਨੇ ਇਕ ਦੂਜੇ ਉਤੇ ਗੋਲੀਆਂ ਚਲਾਈਆਂ ਸੀ। ਦੋਹਾਂ ਦੇ ਪਰਿਵਾਰਾਂ ਨੇ ਕਿਹਾ
ਕਿ ਇਹ ਗੱਲ ਸਾਬਤ ਹੋ ਗਈ ਹੈ ਕਿ ਪੁਲਿਸ ਕਰਮੀਆਂ ਦੇ ਹਥਿਆਰਾਂ ਵਿਚ ਪੂਰੀਆਂ ਗੋਲੀਆਂ ਹਨ ਅਤੇ
ਜਿਨ੍ਹਾਂ ਹਾਲਾਤਾ ਵਿਚ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ
ਤੋਂ ਸਾਫ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਉਤੇ ਸੁੱਤੇ ਪਏ ਗੋਲੀਆਂ ਚਲਾਈਆਂ ਗਈਆਂ ਹਨ।ਇਕ ਏਐਸਆਈ
ਗੁਰਨਾਮ ਸਿੰਘ ਦੇ ਬੇਟੇ ਸੰਦੀਪ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਬੇਟੇ ਸੰਦੀਪ
ਕੁਮਾਰ ਨੇ ਦੱਸਿਆ ਕਿ ਦੋਵੇਂ ਇਕ ਦੂਜੇ ਨੂੰ ਕਾਫੀ ਪਿਆਰ ਕਰਦੇ ਸੀ ਅਤੇ ਬੜੇ ਤਰੀਕੇ ਨਾਲ ਨਾਕੇ ਤੇ
ਡਿਊਟੀ ਦਿੰਦੇ ਸੀ। ਸਿੱਧੇ ਤੌਰ ਤੇ ਉਹਨਾਂ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ
ਪੁਲਿਸ ਮ੍ਰਿਤਕ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਇਨਸਾਫ ਦੇਵੇਗੀ।
ਉੱਥੇ ਹੀ ਪਿੰਡ ਆਦੀਆਂ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਐਸ. ਐਚ. ਓ.
ਦੋਰਾਂਗਲਾ ਬਨਾਰਸੀ ਦਾਸ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਚੈੱਕ ਪੋਸਟ ਉਤੇ ਜਾ ਕੇ ਦੇਖੋ ਕਿ ਦੋਵੇਂ
ਪੁਲਿਸ ਕਰਮਚਾਰੀ ਫੋਨ ਕਿਉਂ ਨਹੀਂ ਚੁੱਕ ਰਹੇ ਤਾਂ ਸਵੇਰੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਦੋਨੋਂ
ਮ੍ਰਿਤਕ ਹਾਲਤ ਵਿਚ ਉੱਥੇ ਪਏ ਸੀ। ਇਕ ਦੀ ਲਾਸ਼ ਕੁਰਸੀ ਉਤੇ ਬੈਠੀ ਹਾਲਤ ਵਿਚ ਪਈ ਸੀ ਜਦਕਿ ਦੂਸਰਾ
ਬੈਂਚ ਉਤੇ ਲੰਮੇ ਪਿਆ ਸੀ। ਸਾਫ ਤੌਰ ਉਤੇ ਉਨ੍ਹਾਂ ਨੂੰ ਕਿਸੇ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ।